Thursday, July 23, 2020

Punjabi shayri

ਆਸਾਂ ਦੀਆਂ ਕੰਧਾਂ ਉੱਤੇ ਮੈਂ,
ਇੱਕ ਮਹਿਲ ਉਸਾਰਿਆ ਖਾਬਾਂ ਦਾ,

ਕੋਈ ਕੀ ਜਾਣੇ ਕੋਈ ਕੀ ਸਮਝੇ ,
ਅਹਿਸਾਸ ਮੇਰੇ ਜਜ਼ਬਾਤਾਂ ਦਾ ,

ਜੋ ਤਾਰਿਆਂ ਹੇਠ ਗੁਜ਼ਾਰੀਆਂ ਮੈਂ ,
ਓਹਨਾਂ ਚੰਨ ਚਾਨਣੀਆਂ ਰਾਤਾਂ ਦਾ ,

ਓਹਨਾਂ ਜੇਠ ਹਾੜ ਦੀਆਂ ਧੁੱਪਾਂ ਦਾ ,
ਓਹਨਾਂ ਸਉਣ ਦੀਆਂ ਬਰਸਾਤਾਂ ਦਾ ,

ਓਹਨਾਂ ਪੋਹ ਮਾਘ ਦੇ ਪਾਲਿਅਾਂ ਦਾ ,
ਓਹਨਾਂ  ਪੱਤਝੜ ਜਿਹੇ ਹਾਲਾਤਾਂ ਦਾ ,

ਹਰ ਮੌਸਮ ਦੇ ਵਿੱਚ ਮਾਣੀਆਂ ਜੋ ,
ਮਹਿਬੂਬ ਨਾ ਪਾਈਆਂ ਬਾਤਾਂ ਦਾ ,

ਕੋਈ ਕੀ ਜਾਣੇ ਕੋਈ ਕੀ ਸਮਝੇ,
ਅਹਿਸਾਸ ਮੇਰੇ ਜਜ਼ਬਾਤਾਂ ਦਾ,
ਅਹਿਸਾਸ ਮੇਰੇ ਜਜ਼ਬਾਤਾਂ ਦਾ..

......ਅਮੋਲਕ ਨਿਮਾਣਾ......








Sunday, July 5, 2020

poetry

ਅਸੀਂ ਹਾਰ ਕੇ ਵੀ ਜਿੱਤਾਂਗੇ, 
ਤੁਸੀਂ ਜਿੱਤ ਕੇ ਵੀ ਹਾਰੋਗੇ,
ਸਾਡੀ ਮੁਹੱਬਤ ਨੂੰ ਜਨਾਬ ,
ਤੁਸੀਂ ਕਿੱਦਾਂ ਮਾਰੋਗੇ ??

ਅਸੀਂ ਡੁੱਬ ਕੇ ਵੀ ਤੈਰਾਂਗੇ,
ਤੁਸੀਂ ਤੈਰ ਕੇ ਵੀ ਡੁੱਬੋਗੇ ,
ਅਸੀਂ ਕੰਡਿਆਂ ਦੇ ਆਦੀ ਹਾਂ ,
ਤੁਸੀਂ ਕਿੰਨਾ ਕੁ ਚੁੱਭੋਗੇ ??

ਅਸੀਂ ਡਿੱਗ ਕੇ ਵੀ ਉੱਠਾਂਗੇ,
ਤੁਸੀਂ ਉੱਠ ਕੇ ਵੀ ਡਿੱਗੋਗੇ,
ਅਸੀਂ ਪਹਿਲਾਂ ਹੀ ਭੁੰਜੇ ਹਾਂ ,
ਤੁਸੀਂ ਕਿੰਨਾ ਕੁ ਸਿੱਟੋਗੇ ??

ਅਸੀਂ ਮਰ ਕੇ ਵੀ ਜੀਵਾਂਗੇ,
ਤੁਸੀਂ ਜਿਉਂਦੇ ਵੀ ਮਰੋਗੇ,
ਅਸੀਂ ਹਾਲਾਤਾਂ ਦੇ ਮਾਰੇ ਹਾਂ ,
ਤੁਸੀਂ ਸਾਡਾ ਕੀ ਕਰੋਗੇ ??

......ਅਮੋਲਕ ਨਿਮਾਣਾ.....
#punjabipoetry



Friday, July 3, 2020

punjabi poetry

ਮੈਂ ਵੀ ਧੁੱਪ ਦਾ ਆਸ਼ਿਕ ਸੀ ,
ਮੈਨੂੰ ਮਾਰਿਆ ਦਫਤਰੀ ਛਾਂਵਾਂ ਨੇ,
ਝੂਠੀ ਅਫਸਰਸ਼ਾਹੀ ਨੇ ,
ਤੇ ਦੱਬੇ ਕੁਚਲੇ ਚਾਵਾਂ ਨੇ ,

ਮੈਂ ਵੀ ਟੀਚੇ ਰੱਖੇ ਸੀ,
ਜਿੱਥੇ ਪੁੱਜਣਾ ਮੇਰੀ ਖੁਆਹਿਸ਼ ਸੀ,
ਪਰ ਖੌਰੇ ਓਹਨਾਂ ਰਾਹਾਂ ਨੂੰ ,
ਮੇਰੇ ਕਦਮ ਲੱਗੇ ਨਾਜਾਇਜ਼ ਸੀ,

ਸਭ ਇੱਕ ਇੱਕ ਕਰਕੇ ਉੱਧੜ ਗਏ ,
ਜੋ ਬੁਣੇ ਸੀ ਖੁਆਬ ਮੈਂ ਚਾਵਾਂ ਨਾਲ,
ਕਿਵੇਂ ਭੁੱਲ ਜਾਵਾਂ ਓਹਨਾ ਮੰਜ਼ਿਲਾਂ ਨੂੰ ?
ਤੇ ਰਾਹਗੀਰ ਬਣਾਂ ਹੋਰ ਰਾਹਾਂ ਨਾਲ?

.........ਅਮੋਲਕ ਨਿਮਾਣਾ.........

#punjabipoetry #punjabishayeri

Punjabi poetry

ਇਹ ਦੁਨੀਆਂ ਦੁਸ਼ਮਣ ਇਸ਼ਕੇ ਦੀ,
ਸਦਾ ਹੀ ਸੁਣਦੇ ਆਏ ਹਾਂ,
ਪਹਿਲਾਂ ਤਾਂ ਕਿੱਸੇ ਸੁਣਦੇ ਸੀ,
ਹੁਣ ਤਾਂ ਆਪ ਸਤਾਏ ਹਾਂ ,

ਇਹ ਰੌਲੇ ਜਾਤਾਂ ਪਾਤਾਂ ਦੇ ,
ਹਾਲੇ ਵੀ ਪਾਈ ਜਾਂਦੇ ਨੇ ,
ਤੋੜਨ ਦਿਲ ਆਸ਼ਿਕਾਂ ਦੇ ,
ਤੇ ਸਧਰਾਂ ਖਾਈ ਜਾਂਦੇ ਨੇ ,

ਸਮੇਂ ਨਾਲ ਸਭ ਕੁੱਝ ਬਦਲ ਗਿਆ,
ਸੋਚ ਨਾ ਬਦਲੀ ਲੋਕਾਂ ਨੇ,
ਖੌਰੇ ਕਿੰਨੇ ਹੀ ਘਰ ਤੋੜੇ,
ਇਹਨਾਂ ਦੀਆਂ ਰਸਮੀ ਤੋਪਾਂ ਨੇ ,

ਮੁਹੱਬਤ ਸਾਰ ਹੈ ਜ਼ਿੰਦਗੀ ਦਾ,
ਇਹ ਹਾਲੇ ਤੱਕ ਨਾ ਸਮਝ ਸਕੇ ,
ਇਸ਼ਕ ਵਿੱਚ ਰੱਤੇ ਆਸ਼ਿਕਾਂ ਦੀ,
ਕਦੇ ਇਹ ਪੜ੍ਹ ਨਾ ਰਮਜ਼ ਸਕੇ।

........ਅਮੋਲਕ ਨਿਮਾਣਾ.......
#punjabipoetry #punjabishayeri